ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਵੱਲੋਂ ਵਿੰਗ ਕਮਾਂਡਰ ਅਭਿਨੰਦਨ ਨੂੰ ਰਿਹਾ ਕਰਨ ਦੇ ਫੈਸਲਾ ਦਾ ਕੀਤਾ ਸਵਾਗਤ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਕੱਲ੍ਹ  ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਭਾਰਤੀ ਹਵਾਈ ਫੌਜ ਦੇ ਵਿੰਗ ਕਮਾਂਡਰ ਅਭਿਨੰਦਨ ਨੂੰ ਰਿਹਾ ਕਰਨ ਦੇ ਫੈਸਲਾ ਦਾ ਸਵਾਗਤ ਕੀਤਾ ਹੈ।

ਆਪਣੇ ਇੱਕ ਬਿਆਨ ‘ਚ ਕੈਪਟਨ ਸਿੰਘ ਨੇ ਕਿਹਾ ਹੈ ਕਿ ਇਸ ਫੈਸਲੇ ਨਾਲ ਦੋਨਾਂ ਦੇਸ਼ਾਂ ਵਿਚਕਾਰ ਤਣਾਅ ਨੂੰ ਘਟਾਉਣ ‘ਚ ਮਦਦ ਮਿਲੇਗੀ।

ਕੱਲ ਸਰਹੱਦੀ ਇਲਾਕਿਆਂ ਦੇ ਆਪਣੇ ਦੌਰੇ ਦੌਰਾਨ ਕੈਪਟਨ ਨੇ ਖਾਲੜਾ ਪੋਸਟ ‘ਤੇ ਬੀ.ਐਸ.ਐਫ ਦੇ ਮੁਲਾਜ਼ਮਾਂ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਪਾਕਿਸਤਾਨ ਦਾ ਸਮਰਥਨ ਪ੍ਰਾਪਤ ਅੱਤਵਾਦੀਆਂ ਵੱਲੋਂ ਪੁਲਵਾਮਾ ਵਿਖੇ ਕੀਤੇ ਗਏ ਅੱਤਵਾਦੀ ਹਮਲੇ ਨੇ ਭਾਰਤ ਸਰਕਾਰ ਨੂੰ ਢੁੱਕਵਾਂ ਜਵਾਬ ਦੇਣ ਲਈ ਮਜ਼ਬੂਰ ਕੀਤਾ ਸੀ। ਉਨ੍ਹਾਂ ਉਮੀਦ ਪ੍ਰਗਟ ਕੀਤਾ ਕਿ ਸਰਹੱਦ ‘ਤੇ ਛੇਤੀ ਹੀ ਸ਼ਾਂਤੀ ਬਹਾਲੀ ਹੋਵੇਗੀ।

26 ਫਰਵਰੀ ਨੂੰ ਸਰਹੱਦ ਤੋਂ ਪਾਰ ਜਾ ਕੇ ਅੱਤਵਾਦੀਆਂ ਦੀਆਂ ਛੁਪਣਗਾਹਾਂ ‘ਤੇ ਭਾਰਤੀ ਹਵਾਈ ਫੌਜ ਵੱਲੋਂ ਕੀਤੀ ਗਈ ਕਾਰਵਾਈ ਤੋਂ ਬਾਅਦ ਪੈਦਾ ਹੋਈ ਤਣਾਅ ਪੂਰਨ ਸਥਿਤੀ ਨਾਲ ਨਜਿੱਠਣ ਲਈ ਮੁੱਖ ਮੰਤਰੀ ਨੇ ਪੰਜਾਬ ਸਰਕਾਰ ਵੱਲੋਂ ਬੀ. ਐਸ. ਐਫ ਨੂੰ ਹਰ ਮੱਦਦ ਦੇਣ ਦਾ ਵਾਅਦਾ ਕੀਤਾ।

ਇਸ ਦੌਰਾਨ ਮੁੱਖ ਮੰਤਰੀ ਨੇ 1965 ਵਿੱਚ ਇਸ ਸੈਕਟਰ ‘ਚ ਆਪਣੇ ਉਨ੍ਹਾਂ ਦਿਨਾਂ ਨੂੰ ਯਾਦ ਕੀਤਾ, ਜਦੋਂ ਉਹ ਭਾਰਤੀ ਫੌਜ ਵਿੱਚ ਸਨ। ਉਨ੍ਹਾਂ ਕਿਹਾ ਇਸ ਖੇਤਰ ਵਿੱਚ ਭਾਰਤ-ਪਾਕਿ ਜੰਗ ਦੌਰਾਨ ਗੁਜ਼ਾਰੇ 22 ਦਿਨ ਉਨ੍ਹਾਂ ਨੂੰ ਅੱਜ ਵੀ ਭੁੱਲੇ ਨਹੀਂ ਹਨ।

 

Author: ElectionAdda