ਕੈਪਟਨ ਸਰਕਾਰ ਤੋਂ ਸੂਬੇ ਦਾ ਹਰ ਵਰਗ ਦੁਖੀ: ਸੁਖਬੀਰ ਬਾਦਲ 

ਬੁਧਵਾਰ ਨੂੰ ਰਾਜਪੁਰਾ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਅਤੇ ਸਾਬਕਾ ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਜਦੋਂ ਤੋਂ ਪੰਜਾਬ ‘ਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ ਹੈ, ਮੁੱਖ ਮੰਤਰੀ ਤੋਂ ਸੂਬੇ ਦਾ ਹਰ ਵਰਗ ਦੁਖੀ ਹੈ।

ਉਨ੍ਹਾਂ ਨੇ ਪਿਛਲੇ ਦੋ ਸਾਲਾਂ ਵਿਚ ਲੋਕਾਂ ਲਈ ਕੁੱਝ ਨਹੀਂ ਕੀਤਾ। ਕਿਸਾਨ ਤੇ ਕਰਮਚਾਰੀ ਸੜਕਾਂ ‘ਤੇ ਧੱਕੇ ਖਾ ਰਹੇ ਹਨ।

ਇੱਥੋਂ ਤੱਕ ਕਿ ਲੋਕ ਸਰਕਾਰ ਤੋਂ ਇੰਨੇ ਦੁਖੀ ਹਨ ਕਿ ਸਰਕਾਰ ਵਿਰੁੱਧ ਸਾਰਾ ਪੰਜਾਬ ਸੜਕਾਂ ‘ਤੇ ਆ ਜਾਵੇਗਾ।

ਕੱਲ ਰਾਜਪੁਰਾ ‘ਚ ‘ਵਰਕਰ ਮਿਲਣੀ’ ਸਮਾਰੋਹ ਵਿਚ ਸ਼ਿਰਕਤ ਕਰਣ ਪਹੁੰਚੇ ਸੁਖਬੀਰ ਬਾਦਲ ਨੇ ਕਿਹਾ ਕਿ ਜੋ ਵਿਅਕਤੀ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾ ਕੇ ਗੁਰੂ ਨੂੰ ਧੋਖਾ ਦੇ ਸਕਦਾ ਹੈ, ਉਸ ਲਈ ਆਮ ਜਨਤਾ ਕੀ ਚੀਜ਼ ਹਾਂ?

ਅਕਾਲੀ ਪ੍ਰਧਾਨ ਨੇ ਕਿਹਾ ਕਿ ਲੋਕਾਂ ‘ਚ ਸੂਬਾ ਸਰਕਾਰ ਖਿਲਾਫ ਰੋਸ਼ ਹੈ ਅਤੇ ਲੋਕ ਸਭਾ ਚੋਣਾਂ ‘ਚ ਪੰਜਾਬ ਦੇ ਲੋਕ ਕੈਪਟਨ ਸਰਕਾਰ ਤੋਂ ਬਦਲਾ ਲੈਣਗੇ।

ਕਾਂਗਰਸ ਸਰਕਾਰ ‘ਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਬਾਰੇ ਬੋਲਦੇ ਹੋਏ ਉਨ੍ਹਾਂ ਕਿਹਾ, “ਮੈਂ ਹੈਰਾਨ ਹਾਂ ਕਿ ਇਹ ਸਖਸ਼ ਹਿੰਦੁਸਤਾਨੀ ਹੈ ਜਾਂ ਪਾਕਿਸਤਾਨੀ, ਕਿਉਂਕਿ ਇਹ ਆਪਣੀ ਇਹ ਫੌਜ ‘ਤੇ ਸਵਾਲ ਚੁੱਕ ਰਿਹਾ ਹੈ।”

ਉਨ੍ਹਾਂ ਕਿਹਾ ਕਿ ਸਿੱਧੂ ਗਾਂਧੀ ਪਰਿਵਾਰ ਨੂੰ ਖੁਸ਼ ਕਰਨ ਲਈ ਕੁੱਝ ਵੀ ਕਰ ਸਕਦੇ ਹਨ।

 

Author: ElectionAdda