ਕੈਪਟਨ ਸਰਕਾਰ ਨੇ ਦੋ ਸਾਲਾਂ ‘ਚ ਇੱਕ ਵੀ ਵਾਇਦਾ ਪੂਰਾ ਨਹੀਂ ਕੀਤਾ: ਮਜੀਠੀਆ

ਬੁੱਧਵਾਰ ਨੂੰ ਯੂਥ ਅਕਾਲੀ ਦਲ ਵੱਲੋਂ ਕੀਤੀ ਗਈ ਰੈਲੀ ‘ਚ ਬੋਲਦੇ ਹੋਏ ਸਾਬਕਾ ਕੈਬਨਿਟ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਸੂਬੇ ਦੀ ਕਾਂਗਰਸ ਸਰਕਾਰ ਕਾਰਗੁਜ਼ਾਰੀ ‘ਤੇ ਸਵਾਲ ਚੁੱਕੇ।

ਮਜੀਠੀਆ ਨੇ ਕੈਪਟਨ ਸਰਕਾਰ ‘ਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ 2 ਸਾਲ ਪਹਿਲਾਂ ਕਾਂਗਰਸ ਪਾਰਟੀ ਨੇ ਪੰਜਾਬ ਦੇ ਲੋਕਾਂ ਨਾਲ ਝੂਠੇ ਵਾਅਦੇ ਕਰ ਕੇ 78 ਸੀਟਾਂ ‘ਤੇ ਜਿੱਤ ਹਾਸਲ ਕਰ ਲਈ ਪਰ ਹੁਣ ਲੋਕਾਂ ਨੂੰ ਲੱਗਦਾ ਹੈ ਕਿ ਨੂੰ ਉਨ੍ਹਾਂ ਨਾਲ ਠੱਗੀ ਹੋਈ ਹੈ।

ਮਜੀਠੀਆ ਨੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ‘ਤੇ ਵੀ ਨਿਸ਼ਾਨਾ ਕਸਦੇ ਹੋਏ ਕਿਹਾ ਕਿ ਲੋਕ ਸਮਝਦੇ ਸਨ ਕਿ ਮਨਪ੍ਰੀਤ ਬਾਦਲ ਵਿੱਤ ਮੰਤਰੀ ਬਣ ਕੇ ਲੋਕਾਂ ਨੂੰ ਪ੍ਰਕਾਸ਼ ਸਿੰਘ ਬਾਦਲ ਦੀ ਤਰ੍ਹਾਂ ਰਿਆਇਤਾਂ ਦੇਣਗੇ ਪਰ ਹੁਣ ਸੱਚ ਲੋਕਾਂ ਦੇ ਸਾਹਮਣੇ ਆ ਗਿਆ ਹੈ ਕਿ ਉਹ ਅਸਲੀ ਬਾਦਲ ਨਹੀਂ, ਸਗੋਂ ‘ਚਾਈਨਾ ਮੇਡ’ ਬਾਦਲ ਹਨ।

ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੀਆਂ ਗਲਤ ਨੀਤੀਆਂ ਦੇ ਕਾਰਣ ਪੰਜਾਬ ਪੂਰੇ ਦੇਸ਼ ਵਿਚ ਇੱਕਲਾ ਅਜਿਹਾ ਸੂਬਾ ਹੈ, ਜਿੱਥੇ ਪੈਟਰੋਲ-ਡੀਜ਼ਲ ‘ਤੇ ਟੈਕਸ ਸੱਭ ਤੋਂ ਜ਼ਿਆਦਾ ਹੈ।

ਇਸ ਤੋਂ ਇਲਾਵਾ ਅਕਾਲੀ ਜਨਰਲ ਸਕੱਤਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਦੋਸ਼ ਲਗਾਉਂਦੇ ਕਿਹਾ ਕਿ 2017 ‘ਚ ਹੋਈਆਂ ਵਿਧਾਨਸਭਾ ਚੋਣਾਂ ‘ਚ ਉਨ੍ਹਾਂ ਨੇ ਘਰ-ਘਰ ਨੌਕਰੀਆਂ ਦੇਣ ਦਾ ਵਾਅਦਾ ਕੀਤੀ ਸੀ, ਪਰ ਹੁਣ ਨੌਕਰੀਆਂ ਮਿਲਣਾ ਤਾਂ ਦੂਰ ਸਗੋਂ ਕੱਚੇ ਮੁਲਾਜ਼ਮ ਖੁਦਕੁਸ਼ੀਆਂ ਕਰ ਰਹੇ ਹਨ। ਦੂਜੇ ਪਾਸੇ ਕਾਂਗਰਸੀ ਮੰਤਰੀਆਂ ਵੱਲੋਂ ਕਰੋੜਾਂ ਰੁਪਏ ਆਪਣੇ ਘਰਾਂ, ਦਫਤਰਾਂ ਅਤੇ ਗੱਡੀਆਂ ‘ਤੇ ਖਰਚੇ ਜਾ ਰਹੇ ਹਨ।

Author: ElectionAdda