ਪੰਜਾਬ ਡੈਮੋਕ੍ਰੇਟਿਕ ਫਰੰਟ ਨੇ 9 ਲੋਕਸਭਾ ਸੀਟਾਂ ਦੀ ਵੰਡ ਦਾ ਕੀਤਾ ਐਲਾਨ

ਆਉਣ ਵਾਲੀਆਂ ਲੋਕਸਭਾ ਚੋਣਾਂ ਨੂੰ ਦੇਖਦੇ ਹੋਏ ਪੰਜਾਬ ਡੈਮੋਕ੍ਰੇਟਿਕ ਫਰੰਟ ਨੇ ਪੰਜਾਬ ਦੀਆਂ ਕੁੱਲ 13 ਲੋਕਸਭਾ ਸੀਟਾਂ ‘ਚੋਂ 9 ਸੀਟਾਂ ਦੀ ਵੰਡ ਦਾ ਐਲਾਨ ਕਰ ਦਿੱਤਾ ਹੈ।

 

ਇਸ ਬਾਬਤ ਮੰਗਲਵਾਰ ਨੂੰ ਜਲੰਧਰ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਅਤੇ ਪੰਜਾਬ ਡੈਮੋਕ੍ਰੇਟਿਕ ਫਰੰਟ ਦੇ ਮੈਂਬਰ ਸੁਖਪਾਲ ਖਹਿਰਾ ਨੇ ਦੱਸਿਆ ਕਿ ਡੈਮੋਕ੍ਰੇਟਿਕ ਫਰੰਟ ਵਲੋਂ 13 ‘ਚੋਂ 9 ਲੋਕਸਭਾ ਸੀਟਾਂ ਦੀ ਵੰਡ ਦਾ ਫੈਸਲਾ ਕੀਤਾ ਗਿਆ ਹੈ।

 

ਇਸ ਵੰਡ ਮੁਤਾਬਕ ਤਿੰਨ ਸੀਟਾਂ ਲੋਕ ਇਨਸਾਫ ਪਾਰਟੀ ਨੂੰ ਦਿੱਤੀਆਂ ਗਈਆਂ ਹਨ, ਇਹ ਸੀਟਾਂ ਲੁਧਿਆਣਾ, ਅੰਮ੍ਰਿਤਸਰ ਤੇ ਫਤਿਹਗੜ੍ਹ ਸਾਹਿਬ ਸ਼ਾਮਲ ਹਨ।

ਜਦਕਿ ਤਿੰਨ ਹੀ ਸੀਟਾਂ ਸ੍ਰੀ ਆਨੰਦਪੁਰ ਸਾਹਿਬ, ਹੁਸ਼ਿਆਰਪੁਰ ਅਤੇ ਜਲੰਧਰ ਬਹੁਜਨ ਸਮਾਜ ਪਾਰਟੀ ਨੂੰ ਦਿੱਤੀਆਂ ਗਈਆਂ ਹਨ।

 

ਪੰਜਾਬ ਏਕਤਾ ਪਾਰਟੀ ਨੂੰ ਦੋ ਸੀਟਾਂ ਬਠਿੰਡਾ ਅਤੇ ਫਰੀਦਕੋਟ ਦਿੱਤੀਆਂ ਗਈਆਂ ਹਨ ਜਦਕਿ ਡਾਕਟਰ ਧਰਮਵੀਰ ਗਾਂਧੀ ਦੇ ਪੰਜਾਬ ਮੰਚ ਨੂੰ ਇਕਮਾਤਰ ਪਟਿਆਲਾ ਸੀਟ ਦਿੱਤੀ ਗਈ ਹੈ।

ਆਪਣੇ ਬਿਆਨ ‘ਚ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਨੇ ਕਿਹਾ ਕਿ ਪੰਜਾਬ ਡੈਮੋਕ੍ਰੇਟਿਕ ਫਰੰਟ ਵਲੋਂ ਚਾਰ ਸੀਟਾਂ ਖਾਲੀ ਰੱਖੀਆਂ ਗਈਆਂ ਹਨ।

ਜੇਕਰ ਕੋਈ ਹਮਖਿਆਲੀ ਪਾਰਟੀ ਜਿਹੜੀ ਸੂਬੇ ਨੂੰ ਅਕਾਲੀ ਦਲ ਅਤੇ ਕਾਂਗਰਸ ਤੋਂ ਮੁਕਤ ਕਰਾਉਣਾ ਚਾਹੁੰਦੀ ਹੈ, ਅਸੀਂ ਉਸਦਾ ਡੈਮੋਕ੍ਰੇਟਿਕ ਫਰੰਟ ‘ਚ ਸਵਾਗਤ ਕਰਾਂਗੇ ਅਤੇ ਉਸ ਪਾਰਟੀ ਨਾਲ ਫਿਰ ਇਨ੍ਹਾਂ ਬਾਕੀ ਸੀਟਾਂ ‘ਤੇ ਵਿਚਾਰ ਵਿਟਾਂਦਰਾ ਕੀਤਾ ਜਾ ਸਕਦਾ ਹੈ।

 

Author: ElectionAdda