ਬੇਅਦਬੀ ਅਤੇ ਬਹਿਬਲ ਕਲਾਂ ਗੋਲੀਕਾਂਡ ਮਾਮਲੇ ‘ਚ ‘ਸਿਟ’ ਸਾਹਮਣੇ ਪੇਸ਼ ਹੋਏ ਸਾਬਕਾ ਡੀਜੀਪੀ ਸੁਮੇਧ ਸੈਣੀ

ਪਿਛਲੇ ਦਿਨੀਂ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਬਰਗਾੜੀ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਅਤੇ ਇਸ ਦੇ ਨਾਲ ਹੀ ਜੁੜੇ ਕੋਟਕਪੂਰਾ ਅਤੇ ਬਹਿਬਲ ਕਲਾਂ ਪੁਲੀਸ ਗੋਲੀ ਕਾਂਡ ਦੀ ਜਾਂਚ ਲਈ ਪੰਜਾਬ ਸਰਕਾਰ ਵੱਲੋਂ ਗਠਿਤ ਕੀਤੀ ਵਿਸ਼ੇਸ਼ ਜਾਂਚ ਟੀਮ (ਸਿਟ) ਨੇ ਸੋਮਵਾਰ ਨੂੰ ਸੁਮੇਧ ਸਿੰਘ ਸੈਣੀ ਸਮੇਤ ਤਿੰਨ ਹੋਰਨਾਂ ਸੀਨੀਅਰ ਪੁਲੀਸ ਅਧਿਕਾਰੀਆਂ ਤੋਂ ਪੁੱਛਗਿੱਛ ਕੀਤੀ।
ਸਿਟ ਨੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਤੋਂ ਇਸ ਮਾਮਲੇ ‘ਚ ਕੱਲ ਤਕਰੀਬਨ 2 ਘੰਟੇ ਪੁੱਛਗਿੱਛ ਕੀਤੀ। ਸੂਤਰਾਂ ਮੁਤਾਬਕ ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਜਾਂਚ ਟੀਮ ਵੱਲੋਂ ਸੁਮੇਧ ਸਿੰਘ ਸੈਣੀ ਤੋਂ ਕੋਟਕਪੂਰਾ ਪੁਲੀਸ ਗੋਲੀ ਕਾਂਡ ਨਾਲ ਸਬੰਧਤ ਸਵਾਲ ਪੁੱਛੇ ਗਏ। ਹਾਲਾਂਕਿ, ਜਾਣਕਾਰੀ ਮੁਤਾਬਿਕ ਸੁਮੇਧ ਸਿੰਘ ਸੈਣੀ ਨੇ ਪੁੱਛਗਿੱਛ ਦੌਰਾਨ ਕੋਈ ਵੱਡਾ ਖੁਲਾਸਾ ਨਹੀਂ ਕੀਤਾ।
ਸੈਣੀ ਵਿਸ਼ੇਸ਼ ਜਾਂਚ ਟੀਮ ਸਿਟ ਵੱਲੋਂ ਭੇਜੇ ਸੰਮਨ ਤੋਂ ਬਾਅਦ ਆਈਪੀਐੱਸ ਅਧਿਕਾਰੀ ਪ੍ਰਬੋਧ ਕੁਮਾਰ ਦੀ ਅਗਵਾਈ ਵਾਲੀ ਟੀਮ ਦੇ ਸਾਹਮਣੇ ਤਫ਼ਤੀਸ਼ ਲਈ ਮਿੱਥੇ ਸਮੇਂ ਮੁਤਾਬਕ ਹੀ ਪਹੁੰਚ ਗਏ ਸਨ। ਸੁਮੇਧ ਸਿੰਘ ਸੈਣੀ ਪਹਿਲੀ ਵਾਰੀ ਪੰਜਾਬ ਪੁਲੀਸ ਦੇ ਅਜਿਹੇ ਅਫ਼ਸਰਾਂ ਦੇ ਸਾਹਮਣੇ ਤਫ਼ਤੀਸ਼ ਲਈ ਪੇਸ਼ ਹੋਏ ਹਨ ਜਿਹੜੇ ਅਫ਼ਸਰ ਸੈਣੀ ਦੇ ਤਹਿਤ ਕੰਮ ਕਰ ਚੁਕੇ ਹਨ। ਇਸੇ ਤਰ੍ਹਾਂ ਜਾਂਚ ਕਮੇਟੀ ਵੱਲੋਂ ਸਵੇਰੇ 11 ਵਜੇ ਦੇ ਕਰੀਬ ਵਧੀਕ ਡੀਜੀਪੀ ਇਕਬਾਲਪ੍ਰੀਤ ਸਿੰਘ ਸਹੋਤਾ, ਆਈਜੀ ਅਮਰ ਸਿੰਘ ਚਾਹਲ ਅਤੇ ਡੀਆਈਜੀ ਰਣਬੀਰ ਸਿੰਘ ਖੱਟੜਾ ਤੋਂ ਵੀ ਪੁੱਛ-ਪੜਤਾਲ ਕੀਤੀ ਗਈ।

Author: ElectionAdda